ਜ਼ਿਲੇ 'ਚ 12800 ਹੈਕਟੇਅਰ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ ਦਾ ਟੀਚਾ-ਡੀ. ਸੀ

 -ਇਕ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਵਾਏ ਜਾਣ ਦਾ ਦਿ੍ਸ਼। 
ਜਲੰਧਰ, 23 ਜੂਨ 2015-(ਸ਼ੈਲੀ) ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਅਤੇ ਬਿਜਾਈ ਦੇ ਖ਼ਰਚ ਘਟਾਉਣ ਦੇ ਮਕਸਦ ਨਾਲ ਜ਼ਿਲਾ ਜਲੰਧਰ 'ਚ ਚਾਲੂ ਸੀਜ਼ਨ ਦੌਰਾਨ 12800 ਹੈਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਦਾ ਟੀਚਾ ਰੱਖਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੀ੍ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਪਿਛਲੇ ਸਾਲ 8875 ਹੈਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਚਾਲੂ ਸੀਜ਼ਨ ਦੌਰਾਨ 1,60,000 ਹੈਕਟੇਅਰ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਟੀਚਾ ਰੱਖਿਆ ਗਿਆ ਹੈ।
         ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਖੇਤੀਬਾੜੀ ਵਿਭਾਗ ਕੋਲ ਮੌਜੂਦ ਡਰਿਲ ਮਸ਼ੀਨਾਂ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਦੇ ਖੇਤਾਂ ਵਿਚ ਪ੍ਰਤੱਖ ਕਰਵਾ ਕੇ ਕਿਸਾਨਾਂ ਨੂੰ ਇਸ ਤਕਨੀਕ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ 50 ਫੀਸਦੀ ਪਾਣੀ ਦਾ ਬਚਾਅ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਰਿਵਾਇਤੀ ਬਿਜਾਈ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਇਕ ਵਰਗ ਮੀਟਰ ਵਿਚ 33 ਬੂਟੇ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ ਪਰੰਤੂ ਮਜ਼ਦੂਰ ਅਜਿਹਾ ਨਹੀਂ ਕਰਦੇ ਅਤੇ 20 ਕੁ ਬੂਟੇ ਹੀ ਲਗਾਉਂਦੇ ਹਨ। ਪਰੰਤੂ ਸਿੱਧੀ ਬਿਜਾਈ ਵਿਚ 33 ਬੂਟੇ ਪੂਰੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਵਿਭਾਗ ਕੋਲ ਡਰਿਲ ਮਸ਼ੀਨ ਪ੍ਰਦਰਸ਼ਨ ਹਿੱਤ ਉਪਲਬਧ ਹੈ ਅਤੇ ਇਸ ਸਬੰਧੀ ਕਿਸਾਨਾਂ ਦੇ ਖੇਤਾਂ ਵਿਚ ਵੀ ਵਿਭਾਗ ਮਸ਼ੀਨ ਰਾਹੀਂ ਬਿਜਾਈ ਕੀਤੀ ਜਾ ਸਕਦੀ ਹੈ। ਵਿਭਾਗ ਰਾਹੀਂ ਕਿਸਾਨਾਂ ਨੂੰ ਇਹ ਮਸ਼ੀਨ ਸਬਸਿਡੀ 'ਤੇ ਵੀ ਉਪਲਬਧ ਕਰਵਾਉਣ ਹਿੱਤ ਉਪਰਾਲੇ ਕੀਤੇ ਜਾ ਰਹੇ ਹਨ। 
         ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ ਡਾ. ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਬਲਾਕ ਜਲੰਧਰ ਪੂਰਬੀ ਦੇ ਪਿੰਡ ਕੰਗਣੀਵਾਲ ਵਿਖੇ ਸ. ਮਨਜਿੰਦਰ ਸਿੰਘ ਅਤੇ ਕੁੰਦਨ ਸਿੰਘ ਦੇ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਹੇਠ ਖੇਤ ਬਿਜਵਾਏ ਗਏ ਹਨ। ਇਨ੍ਹਾਂ ਨੇ ਸਿੱਧੀ ਬਿਜਾਈ ਦੀ ਡਰਿਲ ਖਾਸ ਤੌਰ 'ਤੇ ਵਿਭਾਗ ਕੋਲੋਂ ਸਬਸਿਡੀ 'ਤੇ ਪ੍ਰਾਪਤ ਕਰਦੇ ਹੋਏ ਚਾਲੂ ਸੀਜ਼ਨ ਦੌਰਾਨ ਲਗਭਗ 25 ਏਕੜ ਰਕਬਾ ਇਸ ਵਿਧੀ ਹੇਠ ਲਿਆਂਦੇ ਜਾਣ ਬਾਰੇ ਕਿਹਾ ਕਿ ਪਿੰਡ ਕੰਗਣੀਵਾਲ ਵਿਖੇ ਤਕਰੀਬਨ 150 ਏਕੜ ਰਕਬਾ ਦੂਜੇ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਂਦਾ ਜਾ ਰਿਹਾ ਹੈ ਕਿਉਂਕਿ ਇਸ ਤਕਨੀਕ ਨਾਲ ਬਿਜਾਈ ਕਰਨ 'ਤੇ ਪਾਣੀ ਦੀ ਬਚਤ ਦੇ ਨਾਲ-ਨਾਲ ਮਜ਼ਦੂਰੀ 'ਤੇ ਆਉਂਦਾ ਖ਼ਰਚ ਵੀ ਬਚਦਾ ਹੈ ਤੇ ਝਾੜ ਵਿਚ ਵੀ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਬਿਜਾਈ ਦੇ ਤੁਰੰਤ ਬਾਅਦ 24 ਘੰਟੇ ਦੇ ਵਿਚ-ਵਿਚ ਇਕ ਲੀਟਰ ਸਟੌਂਪ ਦਵਾਈ ਪ੍ਰਤੀ ਏਕੜ ਸਪਰੇਅ ਕਰਨ ਦੇ ਨਾਲ ਨਦੀਨਾਂ ਦੀ ਰੋਕਥਾਮ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਬਾਅਦ ਵਿਚ ਲੋੜ ਪੈਣ 'ਤੇ 30 ਦਿਨਾਂ ਬਾਅਦ 100 ਮਿਲੀਲੀਟਰ ਨੋਮਨੀਗੋਲਡ 10 ਐਸ ਸੀ ਪ੍ਰਤੀ ਏਕੜ ਦਵਾਈ ਦਾ ਸਪਰੇਅ ਕੀਤਾ ਜਾ ਸਕਦਾ ਹੈ।
For more news updates please visit-www.punjab24news.com