ਜਲੰਧਰ,12 ਜੂਨ 2015(ਸ਼ੈਲੀ)-ਧਾਰਮਿਕ ਸਥਾਨ 'ਤੇ ਜਾ ਰਹੇ ਸਰਧਾਂਲੂਆਂ ਦਾ ਟੈਂਪੂ ਰੋਕ ਕੇ ਹਲਕਾ ਆਦਮਪੁਰ ਦੇ ਪਿੰਡ ਪਧਿਆਣਾ ਨੇੜੇ ਉਨ੍ਹਾਂ ਨਾਲ ਦੁਰ ਵਿਵਹਾਰ ਕਰਨ ਅਤੇ ਉਨ੍ਹਾਂ 'ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰਨ ਦੇ ਸਬੰਧ ਵਿਚ ਅੱਜ ਸ੍ਰੀ ਰਾਜੇਸ਼ ਬਾਘਾ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਸਰਕਟ ਹਾਊਸ, ਜਲੰਧਰ ਵਿਖੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਅਤੇ ਪੀੜਤ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਐਸ.ਪੀ. ਸ੍ਰੀ ਕੇ.ਐਸ.ਹੀਰ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਸ੍ਰੀ ਬਾਘਾ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਇਸ ਸਾਰੇ ਮਾਮਲੇ ਦੀ ਇਕ ਹਫ਼ਤੇ ਦੇ ਵਿਚ-ਵਿਚ ਰਿਪੋਰਟ ਕਮਿਸ਼ਨ ਨੂੰ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਸਰਧਾਂਲੂਆਂ ਨੂੰ ਵਿਸ਼ਵਾਸ ਦੁਆਇਆ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਪੂਰਾ ਇਨਸਾਫ ਦੁਆਇਆ ਜਾਵੇਗਾ।
ਇਸ ਮੌਕੇ ਸ੍ਰੀ ਕੇ.ਐਸ.ਹੀਰ ਐਸ.ਪੀ.ਨੇ ਦੱਸਿਆ ਕਿ ਜਿਹੜੇ ਮੋਟਰ ਸਾਈਕਲ ਸਵਾਰਾਂ ਨੇ ਸੰਗਤ ਦਾ ਟੈਂਪੂ ਰੋਕ ਕੇ ਹਮਲਾ ਕੀਤਾ ਉਨ੍ਹਾਂ ਦੇ ਵਿਰੁੱਧ ਧਾਰਾ 307 ਅਤੇ ਐਸ.ਸੀ.ਐਕਟ ਅਧੀਨ ਪਰਚਾ ਦਰਜ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਤਲਾਸ਼ ਜਾਰੀ ਹੈ ਅਤੇ ਜਖਮੀਆਂ ਨੂੰ ਆਦਮਪੁਰ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੱਚਾਈ ਸਾਹਮਣੇ ਆਉਣ 'ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਜਿੰਦਰ ਸਿੰਘ ਜ਼ਿਲ੍ਹਾ ਭਲਾਈ ਅਫਸਰ, ਸ੍ਰੀ ਹੰਸ ਰਾਜ ਬੰਗਾ ਯੂਕੇ, ਸ੍ਰੀਮਤੀ ਭੋਲੀ ਰੰਧਾਵਾ ਯੂਕੇ, ਡਾ.ਰਜਿੰਦਰ ਕਲੇਰ, ਸ੍ਰੀ ਕਮਲਜੀਤ ਬੰਗਾ ਸਰਪੰਚ, ਸ੍ਰੀ ਰਮੇਸ਼ ਚੌਕਾ ਬਸਪਾ ਆਗੂ, ਡਾ.ਗਿਆਨ ਗੁਰਾਇਆਂ ਤੇ ਸ੍ਰੀ ਸੋਨੂੰ ਦਿਨਕਰ ਜਨਰਲ ਸਕੱਤਰ ਭਾਜਪਾ ਐਸ.ਸੀ.ਮੋਰਚਾ ਅਤੇ ਹੋਰ ਹਾਜ਼ਰ ਸਨ।
For more news updates
visit:- www.punjab24news.com

