ਜ਼ਿਲ੍ਹੇ ਦੇ ਪੋਲਿੰਗ ਬੂਥਾਂ 'ਤੇ ਵੋਟਰਾਂ ਦੇ ਅਧਾਰ ਲਿੰਕ ਸਬੰਧੀ ਸਪੈਸ਼ਲ ਕੈਂਪ 14 ਜੂਨ ਨੂੰ : ਜ਼ਿਲ੍ਹਾ ਚੋਣ ਅਫਸਰ


ਜਲੰਧਰ,10 ਜੂਨ 2015 (ਸ਼ੈਲੀ)- ਜ਼ਿਲ੍ਹੇ ਵਿਚ ਵੋਟਰਾਂ ਦੇ ਅਧਾਰ ,ਮੋਬਾਇਲ ਅਤੇ ਈ.ਮੇਲ ਨੰਬਰਾਂ ਨੂੰ ਵੋਟਰਾਂ ਸੂਚੀਆਂ ਨਾਲ ਜੋੜਨ ਸਬੰਧੀ ਚੋਣ ਕਮਿਸ਼ਨ ਵਲੋਂ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ਉਤੇ ਸਪੈਸ਼ਲ ਕੈਂਪ 14 ਜੂਨ 2015 ਦਿਨ ਐਤਵਾਰ ਨੂੰ ਲਗਾਇਆ ਜਾਵੇਗਾ ।  ਇਹ ਜਾਣਕਾਰੀ ਸ੍ਰੀ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਜਲੰਧਰ ਨੇ ਦਿੰਦਿਆਂ ਦੱਸਿਆ ਕਿ ਚੋਣ ਵਿਭਾਗ ਵਲੋਂ ਤਾਇਨਾਤ ਬੂਥ ਲੈਵਲ ਅਫਸਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਆਪਣੇ ਬੂਥ ਉਤੇ ਬੈਠ ਕੇ ਵੋਟਰਾਂ ਦੇ ਅਧਾਰ ਅਤੇ ਮੋਬਾਇਲ ਤੇ ਈ ਮੇਲ ਨੰਬਰ ਇਕੱਤਰ ਕਰਨਗੇ ਤਾਂ ਜੋ ਵੋਟਰ ਸੂਚੀਆਂ ਦਾ 100 ਪ੍ਰਤੀਸ਼ਤ ਸੁੱਧੀਕਰਨ ਮੁਕੰਮਲ ਹੋ ਸਕੇ।

                            ਉਨ੍ਹਾਂ ਕਿਹਾ ਕਿ ਬੀ.ਐਲ.ਓਜ਼ ਉਨ੍ਹਾਂ ਸਥਾਨਾਂ 'ਤੇ ਜਾ ਕੇ ਇਹ ਜਾਣਕਾਰੀ ਇਕੱਤਰ ਕਰਨਗੇ ਜਿਥੇ ਉਸ ਬੂਥ ਦੀਆਂ ਵੋਟਾਂ ਪਾਉਣ ਲਈ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਸ ਬੂਥ ਨਾਲ ਸਬੰਧਿਤ ਵੋਟਰ ਆਪਣਾ ਨਾਮ ਵੋਟਰ ਸੂਚੀ ਵਿਚ ਨਾਮ ਵੇਖ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਸ ਵੋਟਰ ਦੀ ਉਮਰ 1.1.2015 ਨੂੰ 18 ਸਾਲ ਜਾਂ ਇਸ ਤੋਂ ਵੱਧ ਬਣਦੀ ਹੈ ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾਉਣ ਲਈ ਫਾਰਮ ਨੰ : 6, ਵੋਟਰ ਸੂਚੀ ਵਿਚ ਕਿਸੇ ਤਰ੍ਹਾਂ ਦੀ  ਦਰੁਸਤੀ ਲਈ ਫਾਰਮ ਨੰ : 8 ਅਤੇ ਦੋਹਰੀ ਵੋਟ ਐਂਟਰੀ ਦੀ ਸੂਰਤ ਵਿਚ ਵੋਟ ਕਟਵਾਉਣ ਲਈ ਫਾਰਮ ਨੰ : 7 ਭਰ ਕੇ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਡਬਲ ਵੋਟ ਬਣਾਉਣ ਵਾਲੇ ਵੋਟਰ ਨੂੰ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 31 ਅਧੀਨ ਅਪਰਾਧ ਮੰਨਿਆਂ ਗਿਆ ਹੈ ਜਿਸ ਲਈ 1 ਸਾਲ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ।
                            ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸੁੱਧਤਾ ਲਈ ਇਸ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਵੋਟਰ ਖੁਦ ਚੋਣ ਕਮਿਸ਼ਨਰ ਦੇ ਪੋਰਟ ਨੈਸ਼ਨਲ ਵੋਟਰ ਸਰਵਿਸ ਪ੍ਰੋਗਰਾਮ ਉਤੇ ਜਾ ਕੇ ਆਪਣੇ ਮੋਬਾਇਲ ਤੋਂ 51969 'ਤੇ ਐਸ.ਐਮ.ਐਸ. ਕਰ ਸਕਦੇ ਹਨ ਜਾਂ ਫਿਰ ਟੋਲ ਫਰੀ ਨੰਬਰ 1950 ਤੇ ਕਾਲ ਕਰਕੇ ਅਧਾਰ ਕਾਰਡ ਦੀ ਸੂਚਨਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹਲਕਿਆਂ ਨਾਲ ਸਬੰਧਿਤ ਚੋਣਕਾਰ ਰਜਿਸਟਰੇਸ਼ਨ ਅਫਸਰ ਬੂਥ ਲੈਵਲ ਅਫਸਰਾਂ ਰਾਹੀਂ ਘਰ-ਘਰ ਤੋਂ ਵੋਟਰਾਂ ਦੀ ਆਧਾਰ ਕਾਰਡ ਸਬੰਧੀ ਜਾਣਕਾਰੀ ਪ੍ਰਾਪਤ ਕਰਨਗੇ। ਬੀ.ਐਲ.ਓਜ਼ ਵਲੋਂ ਇਕੱਤਰਕੀਤੀ ਗਈ ਸੂਚਨਾ ਸਬੰਧਿਤ ਹਲਕੇ ਦੇ ਏ.ਆਰ.ਓ ਅਤੇ ਏ.ਈ.ਆਰ.ਓਜ਼ ਵਲੋਂ ਜ਼ਿਲ੍ਹਾ ਚੋਣਕਾਰ ਰਜਿਸਟਰੇਸ਼ਨ ਅਫਸਰ ਦੇ ਦਫ਼ਤਰ ਵਿਚ ਵੋਟਰ ਫੈਸੀਲੀਏਸ਼ਨ ਕਾਊਂਟਰਾਂ ਤੇ ਜਮ੍ਹਾ ਕਰਵਾਈ ਜਾਵੇਗੀ।  ਉਨ੍ਹਾਂ ਕਿਹਾ ਕਿ ਡਬਲ ਵੋਟ ਵਾਲੇ ਨਾਗਰਿਕ ਆਪਣੀ ਵੋਟ ਦੀ ਕਟੌਤੀ ਲਈ ਅਤੇ ਆਪਣੇ ਆਧਾਰ ਨੂੰ ਵੋਟ ਨਾਲ ਲਿੰਕ ਕਰਨ ਲਈ ਆਪ ਪਹਿਲ ਕਦਮੀ ਕਰਨ। ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਆਗੂਆਂ ,ਬੂਥ ਲੈਵਲ ਏਜੰਟਾਂ ,ਵਲੰਟੀਅਰਾਂ ,ਸਮਾਜ ਸੇਵੀ ਸੰਸਥਾਵਾਂ ਅਤੇ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਪੈਸ਼ਲ ਕੈਂਪਾਂ ਵਿਚ ਬੀ.ਐਲ.ਓਜ਼ ਨੂੰ ਸਹਿਯੋਗ ਦੇਣ।
For more news updates visit:- www.punjab24news.com