*617ਵੇਂ ਪ੍ਰਕਾਸ਼ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ
*ਗਾਇਕ ਦਿਲਜਾਨ, ਜਸਮੀਤ ਜੱਸਲ ਅਤੇ ਰਮੇਸ਼ ਕਾਸਿਮ ਨੇ ਭਜਨਾਂ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ
ਜਲੰਧਰ, 3 ਜੂਨ 2015-(ਸ਼ੈਲੀ)-ਭਗਤ ਕਬੀਰ ਜੀ ਮਹਾਨ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਸੱਚ, ਪਿਆਰ, ਅਹਿੰਸਾ, ਸਦਾਚਾਰ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਜਿਸ ਦੀ ਮੌਜੂਦਾ ਪਦਾਰਥਵਾਦੀ ਯੁਗ ਵਿਚ ਬਹੁਤ ਹੀ ਮਹੱਤਤਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਚੂਨੀ ਲਾਲ ਭਗਤ ਨੇ ਬੀਤੀ ਰਾਤ ਸਥਾਨਕ ਸਤਿਗੁਰੂ ਕਬੀਰ ਮੁੱਖ ਮੰਦਰ ਭਾਰਗਵ ਨਗਰ ਵਿਖੇ ਭਗਤ ਕਬੀਰ ਜੀ ਦੇ 617ਵੇਂ ਪ੍ਰਕਾਸ਼ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਭਾਰੀ ਗਿਣਤੀ ਵਿਚ ਜੁੜੀਆਂ ਸੰਗਤਾਂ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਹਮੇਸ਼ਾ ਹੀ ਆਵਾਮ ਦਾ ਮਾਰਗ ਦਰਸ਼ਨ ਕਰਦੀ ਰਹੇਗੀ ਜੋ ਕਿ ਜਾਤ, ਨਸਲ ਅਤੇ ਧਰਮ ਤੋਂ ਉਪਰ ਉਠਣ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਬੀਰ ਸਾਹਿਬ ਦੀ ਬਾਣੀ ਸਾਨੂੰ ਸ਼ੁੱਧ ਵਿਚਾਰਧਾਰਾ ਦਾ ਸੰਦੇਸ਼ ਦਿੰਦੀ ਹੈ ਜਿਸ ਤੋਂ ਸਿੱਖਿਆ ਲੈ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਨੇ ਸਮਾਜ ਵਿਚ ਸਮਾਜਿਕ ਬੁਰਾਈਆਂ ਜਾਤੀ ਪ੍ਰਥਾ, ਛੂਤ-ਛਾਤ ਅਤੇ ਊਚ-ਨੀਚ ਦੇ ਖ਼ਾਤਮੇ ਲਈ ਲੰਬਾ ਸੰਘਰਸ਼ ਕੀਤਾ।
ਸ੍ਰੀ ਚੂਨੀ ਲਾਲ ਭਗਤ ਨੇ ਕਿਹਾ ਕਿ ਉਹੀ ਕੌਮਾਂ ਹਮੇਸ਼ਾ ਅਗਾਂਹ ਵਧਦੀਆਂ ਅਤੇ ਤਰੱਕੀ ਕਰਦੀਆਂ ਹਨ, ਜਿਹੜੀਆਂ ਆਪਣੇ ਗੁਰੂਆਂ-ਪੀਰਾਂ ਨੂੰ ਯਾਦ ਰੱਖਦੀਆਂ ਹੋਈਆਂ ਹਮੇਸ਼ਾ ਉਨ੍ਹਾਂ ਦੇ ਪੂਰਨਿਆਂ 'ਤੇ ਚੱਲਦੀਆਂ ਹਨ। ਸ੍ਰੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਭਗਤ ਕਬੀਰ ਜੀ ਸਮੇਤ ਸਾਰੇ ਧਰਮਾਂ ਦੇ ਗੁਰੂਆਂ-ਪੀਰਾਂ ਵੱਲੋਂ ਦਰਸਾਏ ਗਏ ਸਾਂਝੀਵਾਲਤਾ ਅਤੇ ਸਮਾਜਿਕ ਨਿਆਂ ਦੇ ਮਾਰਗ 'ਤੇ ਚਲਦਿਆਂ ਸਮੂਹ ਵਰਗਾਂ ਦੀ ਭਲਾਈ ਲਈ ਭਰਪੂਰ ਉਪਰਾਲੇ ਕਰ ਰਹੀ ਹੈ ਅਤੇ ਸਮੂਹ ਸ਼੍ਰੋਮਣੀ ਭਗਤਾਂ ਦੇ ਦਿਨ ਰਾਜ ਪੱਧਰ 'ਤੇ ਮਨਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਗਤ ਕਬੀਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਰਾਜ ਦੇ ਸਮਾਜਿਕ ਤੇ ਆਰਥਿਕ ਤੌਰ 'ਤੇ ਪਛੜੇ ਲੋਕਾਂ ਦਾ ਜੀਵਨ ਮਿਆਰ ਉਚਾ ਚੁੱਕਣ ਲਈ ਵਿਸ਼ੇਸ਼ ਸਕੀਮਾਂ ਹੋਂਦ ਵਿਚ ਲਿਆਂਦੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿਚੋਂ ਮੰਦਿਰ ਕਮੇਟੀ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਹਾਜ਼ਰ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਪ੍ਰਸਿੱਧ ਗਾਇਕ ਦਿਲਜਾਨ, ਜਸਮੀਤ ਜੱਸਲ ਅਤੇ ਰਮੇਸ਼ ਕਾਸਿਮ ਨੇ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਤ ਸਮਾਜ ਦੀ ਭਜਨ ਮੰਡਲੀ ਵੱਲੋਂ ਭਗਤ ਕਬੀਰ ਜੀ ਦੀ ਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਕੀਮਤੀ ਭਗਤ, ਸੀਨੀਅਰ ਭਾਜਪਾ ਆਗੂ ਸ੍ਰੀ ਮਹਿੰਦਰ ਭਗਤ, ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕੁਮਾਰ ਅਮਿਤ, ਐਸ. ਡੀ. ਐਮ ਜਲੰਧਰ-1 ਡਾ ਰਜਤ ਓਬਰਾਏ, ਡੀ. ਪੀ. ਆਰ. ਓ ਸ੍ਰੀ ਗੁਰਮੀਤ ਸਿੰਘ, ਕੌਂਸਲਰ ਸ੍ਰੀ ਤਰਸੇਮ ਸਿੰਘ ਲਖੋਤਰਾ, ਸ੍ਰੀ ਪਵਨ ਕੁਮਾਰ, ਸ੍ਰੀ ਕਸਤੂਰੀ ਲਾਲ, ਸਤਿਗੁਰੂ ਕਬੀਰ ਸਭਾ ਭਾਰਗਵ ਨਗਰ ਦੇ ਚੇਅਰਮੈਨ ਸ੍ਰੀ ਸਤੀਸ਼ ਭਗਤ ਬਿੱਲਾ, ਪ੍ਰਧਾਨ ਡਾ. ਰਾਕੇਸ਼ ਕੁਮਾਰ ਭਗਤ, ਉਪ ਚੇਅਰਮੈਨ ਡਾ. ਚਮਨ ਲਾਲ, ਉਪ ਪ੍ਰਧਾਨ ਸ੍ਰੀ ਰਵੀ ਭਗਤ, ਜਨਰਲ ਸਕੱਤਰ ਸ੍ਰੀ ਅੰਮ੍ਰਿਤ ਭਗਤ, ਸ੍ਰੀ ਅਸ਼ਵਨੀ ਭਗਤ, ਸ੍ਰੀ ਬਲਵਿੰਦਰ ਬਿੱਟੂ, ਸ੍ਰੀ ਰਾਜੇਸ਼ ਦੇਸ਼ਾ, ਮੀਡੀਆ ਇੰਚਾਰਜ ਸ੍ਰੀ ਅਜੈ ਭਗਤ, ਸ੍ਰੀ ਦੀਪਕ ਭਗਤ, ਸ੍ਰੀ ਬਚਨ ਲਾਲ, ਭਗਤ ਬੰਟੀ ਸੰਦਲ, ਸ੍ਰੀ ਚਰਨਜੀਤ, ਸ੍ਰੀ ਵਿਸ਼ੂ ਭਗਤ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਹਾਜ਼ਰ ਸਨ।
For more news updates
visit:- www.punjab24news.com

