- ਪੇਡਾ ਵੱਲੋਂ ਸੌਰ ਊਰਜਾ ਪਲਾਂਟ ਲਗਾਉਣ ਸਬੰਧੀ ਕਿਸਾਨ ਜਾਗਰੂਕਤਾ ਮੀਟ
- 1 ਤੋਂ 2.5 ਮੈਗਾਵਾਟ ਤੱਕ ਦਾ ਸੌਰ ਊਰਜਾ ਪਲਾਂਟ ਲਗਾ ਸਕਦੇ ਹਨ ਕਿਸਾਨ
ਜਲੰਧਰ, 5 ਜੂਨ (ਸ਼ੈਲੀ)ਜ਼ਿਲ੍ਹੇ ਦੇ ਕਿਸਾਨਾਂ ਕੋਲ ਆਪਣੀ ਜ਼ਮੀਨ 'ਤੇ ਬਿਜਲੀ ਤਿਆਰ ਕਰਕੇ ਉਸ ਨੂੰ ਵੇਚ ਕੇ ਚੋਖਾ ਮੁਨਾਫ਼ਾ ਕਮਾਉਣ ਦਾ ਸੁਨਹਿਰੀ ਮੌਕਾ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗਿਰੀਸ਼ ਦਿਆਲਨ ਨੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਕਿਸਾਨ ਜਾਗਰੂਕਤਾ ਮੀਟ ਮੌਕੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੇਡਾ ਵੱਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਅਧੀਨ ਕਿਸਾਨ 1 ਮੈਗਾਵਾਟ ਤੋਂ ਲੈ ਕੇ 2.5 ਮੈਗਾਵਾਟ ਤੱਕ ਦੀ ਸਮਰੱਥਾ ਦਾ ਸੌਰ ਊਰਜਾ ਪਲਾਂਟ ਲਗਾ ਸਕਦੇ ਹਨ ਅਤੇ ਪਲਾਂਟ ਤੋਂ ਪੈਦਾ ਹੋਈ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ 7.04 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਅਗਲੇ 25 ਸਾਲਾਂ ਲਈ ਖਰੀਦੇਗੀ।
ਉਨ੍ਹਾਂ ਦੱਸਿਆ ਕਿ 1 ਮੈਗਾਵਾਟ (1000 ਕਿਲੋਵਾਟ) ਸੋਲਰ ਪਾਵਰ ਪਲਾਂਟ ਲਈ 5 ਏਕੜ ਜ਼ਮੀਨ ਚਾਹੀਦੀ ਹੈ ਅਤੇ ਇਸ ਸਕੀਮ ਅਧੀਨ ਪੇਡਾ ਵੱਲੋਂ 'ਪਹਿਲਾਂ ਆਓ ਪਹਿਲਾਂ ਪਾਓ' ਦੇ ਆਧਾਰ 'ਤੇ 500 ਮੈਗਾਵਾਟ ਸਮਰੱਥਾ ਦੇ ਸੌਰ ਊਰਜਾ ਪਲਾਂਟ ਲਗਾਏ ਜਾਣਗੇ ਜਿਨ੍ਹਾਂ ਵਿਚੋਂ 100 ਮੈਗਾਵਾਟ ਸਮਰੱਥਾ ਦੇ ਸੋਲਰ ਪਾਵਰ ਪਲਾਂਟ ਐਸ.ਸੀ/ਐਸ.ਟੀ/ਐਨ.ਆਰ.ਆਈ. ਅਤੇ ਇਸਤਰੀ ਜ਼ਮੀਨ ਮਾਲਕਾਂ ਲਈ ਰਾਖਵਂੇ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ 1 ਮੈਗਾਵਾਟ ਦੇ ਪਲਾਂਟ 'ਤੇ ਕਰੀਬ 6 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਹਰ ਸਾਲ ਕਰੀਬ ਇਕ ਕਰੋੜ ਰੁਪਏ ਦੀ ਬਿਜਲੀ ਵੇਚੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਲਈ ਅਰਜ਼ੀਆਂ 18 ਜੂਨ ਤੱਕ ਲਈਆਂ ਜਾਣਗੀਆਂ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨਹਿਰੀ ਮੌਕੇ ਦਾ ਪੂਰਾ ਲਾਭ ਉਠਾਉਣ।
ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਕਿਸਾਨਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਪੇਡਾ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਅਨੁਪਮ ਨੰਦਾ, ਚੰਡੀਗੜ੍ਹ ਤੋਂ ਆਏ ਪੇਡਾ ਦੇ ਅਧਿਕਾਰੀ ਸ. ਦਵਿੰਦਰ ਸਿੰਘ, ਸ. ਵੀਰ ਸਿੰਘ ਅਤੇ ਸ੍ਰੀ ਹੇਮੰਤ ਭਾਰਦਵਾਜ ਨੇ ਇਸ ਸਕੀਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ, ਉਨ੍ਹਾਂ ਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਅਤੇ ਸ਼ੰਕਿਆਂ ਦਾ ਨਿਵਾਰਣ ਕੀਤਾ। ਉਨ੍ਹਾਂ ਕਿਹਾ ਕਿ ਇਸ ਸਕੀਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਲੈਣ ਲਈ ਪੇਡਾ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਅਨੁਪਮ ਨੰਦਾ ਦੇ ਮੋਬਾਈਲ ਨੰਬਰ 94631-40744 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਅਧਿਕਾਰੀਆਂ ਨੂੰ ਆਪਣੇ ਸੁਝਾਅ ਵੀ ਦਿੱਤੇ।
ਅਧਿਕਾਰੀਆਂ ਨੇ ਇਸ ਮੌਕੇ ਕਿਹਾ ਕਿ ਸੂਰਜ, ਊਰਜਾ ਦਾ ਅਥਾਹ ਸੋਮਾ ਹੈ ਅਤੇ ਪੰਜਾਬ ਵਿਚ 300 ਦਿਨ ਸੂਰਜ ਪੂਰੀ ਰੋਸ਼ਨੀ ਦਿੰਦਾ ਹੈ, ਸੂਰਜ ਦੇ ਇਸ ਸੋਮੇ ਤੋਂ ਬਿਜਲੀ ਪੈਦਾ ਕਰਨ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਹੁਣ ਢੁੱਕਵਾਂ ਮੌਕਾ ਹੈ ਕਿ ਅਸੀਂ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰੀਏ, ਜਿਸ ਨਾਲ ਬਿਜਲੀ ਪੈਦਾ ਕਰਨ ਲਈ ਕੋਲੇ 'ਤੇ ਨਿਰਭਰਤਾ ਘਟੇਗੀ ਅਤੇ ਚਿਰ ਸਥਾਈ ਨਿਰੰਤਰ ਆਰਥਿਕ ਵਿਕਾਸ ਨੂੰ ਬੜਾਵਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਦੋ ਸਾਲਾਂ ਦੇ ਅੰਦਰ-ਅੰਦਰ ਸੂਰਜ ਤੋਂ ਬਿਜਲੀ ਪੈਦਾ ਕਰਨ ਵਿਚ 25 ਗੁਣਾ ਵਾਧਾ ਹੋਇਆ ਹੈ, ਜਿਹੜਾ ਪਹਿਲਾਂ 9 ਮੈਗਾਵਾਟ ਤੋਂ ਵੱਧ ਕੇ 225 ਮੈਗਾਵਾਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 2017 ਤੱਕ ਨਵਿਆਉਣਯੋਗ ਸਾਧਨਾਂ ਤੋਂ 1 ਹਜ਼ਾਰ ਮੈਗਾਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਪ੍ਰਾਪਤ ਕੀਤਾ ਜਾਵੇਗਾ।


