100 ਫੀਸਦੀ ਜਲ ਸਪਲਾਈ ਤੇ ਹਰ ਘਰ 'ਚ ਟਾਇਲਟ ਦੀ ਸੁਵਿਧਾ ਵਾਲਾ ਪੰਜਾਬ ਬਣੇਗਾ ਪਹਿਲਾ ਸੂਬਾ-ਰੱਖੜਾ

  *4820 ਕਰੋੜ ਦੀ ਲਾਗਤ ਨਾਲ ਦੋ ਸਾਲਾਂ 'ਚ ਪੂਰਨ ਜਲ ਸਪਲਾਈ ਅਤੇ ਟਾਇਲਟਾਂ ਦਾ ਕੰਮ ਹੋਵੇਗਾ ਮੁਕੰਮਲ
*ਟਾਇਲਟ ਬਣਾਉਣ ਲਈ ਪ੍ਰਤੀ ਘਰ ਦਿੱਤੇ ਜਾਣਗੇ 15 ਹਜ਼ਾਰ ਰੁਪਏ

*ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਜਲੰਧਰ, 2 ਜੂਨ 2015-(ਸ਼ੈਲੀ) 100 ਫੀਸਦੀ ਜਲ ਸਪਲਾਈ ਤੇ ਹਰ ਘਰ 'ਚ ਟਾਇਲਟ ਦੀ ਸੁਵਿਧਾ ਵਾਲਾ ਪੰਜਾਬ ਮੁਲਕ ਦਾ ਪਹਿਲਾ ਸੂਬਾ ਬਣੇਗਾ ਅਤੇ ਆਉਂਦੇ ਦੋ ਸਾਲਾਂ ਵਿਚ 4820 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿਚ 100 ਫੀਸਦੀ ਜਲ ਸਪਲਾਈ ਅਤੇ ਟਾਇਲਟਾਂ ਬਣਾਉਣ ਦਾ ਕੰਮ ਮੁਕੰਮਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰ ਸ. ਸੁਰਜੀਤ ਸਿੰਘ ਰੱਖੜਾ ਨੇ ਅੱਜ ਇਥੇ ਜਨ ਸਿਹਤ ਵਿਭਾਗ ਦੇ ਰੈਸਟ ਹਾਊਸ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਤ ਮਸਲਿਆਂ ਬਾਰੇ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ, ਵਿਧਾਇਕ ਸ. ਗੁਰਪ੍ਰਤਾਪ ਸਿੰਘ ਵਡਾਲਾ, ਟੂਰਿਜ਼ਮ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਸ. ਸੁਰਜੀਤ ਸਿੰਘ ਅਬਲੋਵਾਲ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਮੈਂਬਰ ਸ. ਦਲਬੀਰ ਸਿੰਘ ਮਾਹਲ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਇੰਜੀਨੀਅਰ (ਨੌਰਥ) ਸ. ਦਲਜੀਤ ਸਿੰਘ ਚੀਮਾ, ਮੁੱਖ ਇੰਜੀਨੀਅਰ (ਸਾਊਥ) ਸ੍ਰੀ ਏ. ਕੇ ਸੋਨੀ, ਐਸ. ਈ ਸ੍ਰੀ ਆਰ. ਕੇ ਤਲਵਾਰ, ਐਕਸੀਅਨ ਪਰਮਜੀਤ ਸਿੰਘ, ਸ੍ਰੀ ਐਨ. ਪੀ ਸਿੰਘ, ਸ੍ਰੀ ਸੰਜੇ ਅਰੋੜਾ, ਸ੍ਰੀ ਕੇ. ਐਸ ਸੈਣੀ ਅਤੇ ਸਹਾਇਕ ਇੰਜੀਨੀਅਰ ਸ੍ਰੀ ਬਲਦੇਵ ਰਾਜ ਤੋਂ ਇਲਾਵਾ ਵਿਭਾਗ ਦੇ ਐਸ. ਡੀ. ਓ ਅਤੇ ਜੇ. ਈ ਹਾਜ਼ਰ ਸਨ।

                   
  ਸ. ਰੱਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ 100 ਫੀਸਦੀ ਪੀਣ ਵਾਲਾ ਪਾਣੀ ਅਤੇ ਟਾਇਲਟ ਦੀ ਸੁਵਿਧਾ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਅਜਿਹਾ ਕੋਈ ਘਰ ਨਹੀਂ ਹੋਵੇਗਾ ਜਿਥੇ ਕਿ ਪੀਣ ਵਾਲਾ ਸਾਫ਼ ਪਾਣੀ ਅਤੇ ਟਾਇਲਟ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਵੇਲੇ ਸੂਬੇ ਦੇ 33 ਲੱਖ ਘਰਾਂ ਵਿਚੋਂ 11 ਲੱਖ ਵਿਚ ਪਾਣੀ ਦੇ ਕੁਨੈਕਸ਼ਨ ਹਨ ਜੋ ਕਿ 33 ਫੀਸਦੀ ਬਣਦੇ ਹਨ ਅਤੇ ਅਗਲੇ ਦੋ ਸਾਲਾਂ ਵਿਚ ਇਹ ਟੀਚਾ 100 ਫੀਸਦੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰੇਕ ਘਰ ਵਿਚ ਟਾਇਲਟ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਟਾਇਲਟ ਤੋਂ ਵਿਹੂਣੇ ਹਰੇਕ ਘਰ ਨੂੰ ਟਾਇਲਟ ਬਣਾਉਣ ਲਈ 15000 ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ, ਜਿਸ ਵਿਚੋਂ ਪਹਿਲਾਂ 6000 ਰੁਪਏ ਅਤੇ ਬਾਅਦ ਵਿਚ 9000 ਰੁਪਏ ਦਿੱਤੀ ਜਾਵੇਗੀ ਅਤੇ ਇਹ ਕੰਮ ਪੂਰੇ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 90 ਫੀਸਦੀ ਬਿਮਾਰੀਆਂ ਦੂਸ਼ਿਤ ਪਾਣੀ ਕਾਰਨ ਹੁੰਦੀਆਂ ਹਨ, ਇਸ ਲਈ ਸਰਕਾਰ ਦਾ ਮੁੱਖ ਟੀਚਾ ਸੂਬੇ ਨੂੰ ਬਿਮਾਰੀ ਰਹਿਤ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹਾ ਪਹਿਲਾ ਸੂਬਾ ਹੋਵੇਗਾ ਜਿਥੇ ਕਿ 100 ਫੀਸਦੀ ਜਲ ਸਪਲਾਈ ਅਤੇ ਟਾਇਲਟਾਂ ਦਾ ਕੰਮ ਮੁਕੰਮਲ ਕੀਤਾ ਜਾਵੇਗਾ।
                       
ਇਸ ਮੌਕੇ ਉਨ੍ਹਾਂ ਅਧਿਕਾਰੀਆਂ ਕੋਲੋਂ ਜ਼ਿਲ੍ਹੇ ਵਿਚ ਚੱਲ ਰਹੇ ਕੰਮਾਂ ਦੀ ਜਾਣਕਾਰੀ ਲਈ ਅਤੇ ਫੀਲਡ ਵਿਚ ਆ ਰਹੀਆਂ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਪ੍ਰਾਜੈਕਟ ਮੁਕੰਮਲ ਕਰਨ ਲਈ ਪੂਰੀ ਲਗਨ, ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ, ਕਿਉਂਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਡਿਊਟੀ ਹੈ ਅਤੇ ਇਸ ਦੇ ਨਾਲ ਹੀ ਇਹ ਇਕ ਪੁੰਨ ਦਾ ਵੀ ਕੰਮ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਘਰ ਵਿਚ ਟਾਇਲਟ ਬਣਾਉਣ ਲਈ ਜਾਗਰੂਕ ਕਰਨ।




For more news updates visit:- www.punjab24news.com