ਤੰਬਾਕੂ ਦੇ ਸੇਵਨ ਨਾਲ ਕੈਂਸਰ ਤੇ ਦਿਲ ਦੀਆਂ ਭਿਆਨਕ ਬਿਮਾਰੀਆਂ ਦਾ ਖ਼ਤਰਾ-ਸਿਵਲ ਸਰਜਨ


 *ਵਿਸ਼ਵ ਤੰਬਾਕੂ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸੈਮੀਨਾਰ

ਤੰਬਾਕੂ ਰਹਿਤ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ. ਆਰ. ਐਲ ਬੱਸਣ।

 ਜਲੰਧਰ, 29 ਮਈ (ਸ਼ੈਲੀ)ਤੰਬਾਕੂ ਦੇ ਸੇਵਨ ਨਾਲ ਜਿਥੇ ਕੈਂਸਰ ਤੇ ਦਿਲ ਦੀਆਂ ਭਿਆਨਕ ਬਿਮਾਰੀਆਂ ਹੁੰਦੀਆਂ ਹਨ ਉਥੇ ਤੰਬਾਕੂ ਪੀਣ ਵਾਲੇ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਦੂਜੇ ਵਿਅਕਤੀ ਨੂੰ ਇਨ੍ਹਾਂ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਆਰ. ਐਲ ਬੱਸਣ ਨੇ ਅੱਜ ਵਿਸ਼ਵ ਸਿਹਤ ਸੰਗਠਨ ਵਲੋਂ 31 ਮਈ ਨੂੰ ਮਨਾਏ ਜਾਂਦੇ ਤੰਬਾਕੂ ਰਹਿਤ ਦਿਵਸ ਦੇ ਸਬੰਧ ਵਿਚ ਸ਼ਿਵ ਜਯੋਤੀ ਪਬਲਿਕ ਸਕੂਲ ਸੋਢਲ ਰੋਡ ਜਲੰਧਰ ਵਿਖੇ ਆਯੋਜਿਤ ਜ਼ਿਲ੍ਹਾ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦਿਨ ਸਕੂਲਾਂ, ਕਾਲਜਾਂ ਵਿਚ ਸੈਮੀਨਾਰ ਕਰਕੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਸੇਵਨ ਨਾਲ ਸਰੀਰਿਕ ਤੇ ਮਾਨਸਿਕ ਤੌਰ 'ਤੇ ਪੈਦਾ ਹੋਣ ਵਾਲੇ ਮਾੜੇ ਪ੍ਰਭਾਵਾਂ ਤੋ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਸਿਗਰਟ, ਬੀੜੀ, ਪਾਨ, ਗੁਟਖਾ ਅਤੇ ਜਰਦਾ ਆਦਿ ਦੇ ਰੂਪ ਵਿਚ ਸੇਵਨ ਕੀਤਾ ਜਾਂਦਾ ਹੈ ਅਤੇ ਇਸ ਦਾ ਗਰਭਵਤੀ ਔਰਤਾਂ ਤੇ ਖਾਸ ਕਰਕੇ ਬੱਚਿਆਂ ਨੂੰ ਇਸ ਤੋਂ ਜ਼ਿਆਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਨੂੰ 4 ਫਰਵਰੀ 2013 ਨੂੰ ਤੰਬਾਕੂ ਮੁਕਤ ਜ਼ਿਲ੍ਹਾ ਐਲਾਨਿਆ ਜਾ ਚੁੱਕਾ ਹੈ ਅਤੇ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਪੰਜਾਬ ਸੂਬਾ ਵੀ ਤੰਬਾਕੂ ਰਹਿਤ ਹੋ ਚੁੱਕਾ ਹੈ।           


             ਡਾ. ਬੱਸਣ ਨੇ ਅੱਗੇ ਦੱਸਿਆ ਕਿ ਇਸ ਸਟੇਟਸ ਨੂੰ ਮੇਨਟੇਨ ਕਰਨ ਲਈ ਸਾਨੂੰ ਅਜੇ ਵੀ ਕੋਟਪਾ ਐਕਟ ਪੂਰੀ ਤਰ੍ਹਾਂ ਲਾਗੂ ਕਰਨ ਦੀ ਜਰੂਰਤ ਹੈ ਅਤੇ ਪਬਲਿਕ ਥਾਵਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਹੋਟਲ ਢਾਬੇ, ਸਕੂਲ, ਕਾਲਜਾਂ ਤੇ ਹਸਪਤਾਲਾਂ ਆਦਿ ਦੇ ਨਜਦੀਕ ਤੰਬਾਕੂ ਪਦਾਰਥ ਵੇਚਣ ਅਤੇ ਸੇਵਨ ਕਰਨ ਵਾਲਿਆਂ 'ਤੇ ਪੂਰੀ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲੇ ਨੂੰ ਜ਼ੁਰਮਾਨਾ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਵਿਦਿਆਰਥੀਆਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਅਤੇ ਆਪਣੇ ਪਰਿਵਾਰ ਜਾਂ ਰਿਸ਼ਤੇਦਾਰਾਂ ਨੂੰ ਸੇਵਨ ਤੋਂ ਗੁਰੇਜ਼ ਕਰਨ ਦਾ ਪ੍ਰਣ ਅਤੇ ਜਾਗਰੂਕਤਾ ਕਰਨ ਦੀ ਸਹੁੰਂ ਚੁਕਾਈ ਗਈ। ਇਸ ਮੌਕੇ ਡਾ.ਸਤੀਸ਼ ਕੁਮਾਰ ਮੈਡੀਕਲ ਅਫਸਰ ਅਤੇ ਪ੍ਰਿੰਸੀਪਲ ਡਾ.ਰੀਟਾ ਸ਼ੀਟੂ, ਸ਼੍ਰੀ ਪਰਸ਼ੋਤਮ ਲਾਲ ਡਿਪਟੀ ਐਮ.ਈ.ਆਈ.ਓ. ਅਤੇ ਸੰਸਾਰ ਚੰਦ ਹੈਲਥ ਸੁਪਰਵਾਈਜਰ ਵੱਲੋਂ ਵੀ ਇਸ ਸਮਾਗਮ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ।
www.punjab24news.com