Pages

94 ਸਕੂਲਾਂ 'ਚ ਲਾਇਬ੍ਰੇਰੀਆਂ ਦੀ ਉਸਾਰੀ ਦਾ ਕੰਮ ਮੁਕੰਮਲ-ਡੀ. ਸੀ

ਸ੍ਰੀ ਕਮਲ ਕਿਸ਼ੋਰ ਯਾਦਵ, ਡਿਪਟੀ ਕਮਿਸ਼ਨਰ ਜਲੰਧਰ।

  • 103 ਸਕੂਲਾਂ 'ਚ ਲਾਇਬ੍ਰੇਰੀਆਂ ਦੀ ਉਸਾਰੀ ਦਾ ਟੀਚਾ ਜਲਦ ਹੋਵੇਗਾ ਪੂਰਾ

ਜਲੰਧਰ, 11 ਜੂਨ(ਸ਼ੈਲੀ)ਵਿਦਿਆਰਥੀਆਂ 'ਚ ਸਾਹਿਤ ਅਧਿਐਨ ਅਤੇ ਆਮ ਗਿਆਨ ਪ੍ਰਤੀ ਦਿਲਚਸਪੀ ਜਗਾਉਣ ਲਈ ਜ਼ਿਲ੍ਹੇ ਦੇ ਹਾਈ ਅਤੇ ਸੈਕੰਡਰੀ ਪੱਧਰ ਦੇ 94 ਸਕੂਲਾਂ ਵਿਚ ਲਾਇਬ੍ਰੇਰੀਆਂ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ 103 ਸਕੂਲਾਂ ਅੰਦਰ ਲਾਇਬ੍ਰੇਰੀਆਂ ਦੀ ਸਥਾਪਤੀ ਦੇ ਟੀਚੇ ਦੀ ਪ੍ਰਾਪਤੀ ਜਲਦ ਕਰ ਲਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਾਈ ਅਤੇ ਸੈਕੰਡਰੀ ਪੱਧਰ ਦੇ 70 ਸਕੂਲਾਂ ਵਿਚ ਪਹਿਲਾਂ ਹੀ ਲਾਇਬ੍ਰੇਰੀਆਂ ਦੀ ਉਸਾਰੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਸਕੂਲ ਨੂੰ ਰਾਸ਼ਟਰੀ ਮਾਧਿਅਮ ਸਿੱਖਿਆ ਅਭਿਆਨ ਤਹਿਤ ਲਾਇਬ੍ਰੇਰੀ ਦੇ ਕਮਰੇ ਅਤੇ ਫਰਨੀਚਰ ਲਈ 7 ਲੱਖ ਰੁਪਏ ਦਿੱਤੇ ਜਾਂਦੇ ਹਨ ਜਦੋਂਕਿ ਸਕੂਲ ਪੱਧਰ 'ਤੇ ਬਣੀਆਂ ਕਮੇਟੀਆਂ ਦੀ ਸਿਫਾਰਸ਼ ਅਨੁਸਾਰ ਸਾਹਿਤਕ ਅਤੇ ਜਨਰਲ ਕਿਤਾਬਾਂ ਖ੍ਰੀਦਣ ਲਈ 10 ਹਜ਼ਾਰ ਦੀ ਵੱਖਰੀ ਗ੍ਰਾਂਟ ਮੁਹੱਈਆ ਕਰਵਾਈ ਜਾਂਦੀ ਹੈ।
                  ਉਨ੍ਹਾਂ ਦੱਸਿਆ ਕਿ ਅਜਿਹੇ ਹੀ 33 ਹੋਰ ਸਰਕਾਰੀ ਸਕੂਲਾਂ ਨੂੰ ਲਾਇਬ੍ਰੇਰੀਆਂ ਉਸਾਰਨ ਲਈ ਗ੍ਰਾਂਟ ਜਾਰੀ ਕੀਤੀ ਗਈ ਸੀ ਜਿਨ੍ਹਾਂ ਵਿਚੋਂ 24 ਸਕੂਲਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਜਦੋਂਕਿ 2 ਸਕੂਲਾਂ 'ਚ ਉਸਾਰੀ ਦਾ ਕੰਮ ਅੰਤਿਮ ਛੋਹਾਂ ਉੱਪਰ ਹੈ ਅਤੇ ਬਾਕੀ ਰਹਿੰਦੇ 7 ਸਕੂਲਾਂ 'ਚ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਕਿਹਾ ਕਿ 33 ਸਕੂਲਾਂ ਵਿੱਚੋਂ ਕੰਮ ਮੁਕੰਮਲ ਹੋਣ ਵਾਲੇ 24 ਸਕੂਲਾਂ ਦੇ ਸ਼ੁਮਾਰ ਹੋਣ ਨਾਲ ਹਾਈ ਅਤੇ ਸੈਕੰਡਰੀ ਪੱਧਰ ਦੇ ਸਰਕਾਰੀ ਸਕੂਲਾਂ ਦੀ ਗਿਣਤੀ ਜ਼ਿਲ੍ਹੇ ਅੰਦਰ 94 ਹੋ ਗਈ ਹੈ, ਜਿਨ੍ਹਾਂ 'ਚ ਰਮਸਾ ਤਹਿਤ ਲਾਇਬ੍ਰੇਰੀਆਂ ਦੀ ਉਸਾਰੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਤੀ ਵਰ੍ਹੇ ਦੌਰਾਨ ਗ੍ਰਾਂਟ ਪ੍ਰਾਪਤ ਕਰਨ ਵਾਲੇ ਸਾਰੇ ਸਕੂਲਾਂ ਵਿਚ ਲਾਇਬ੍ਰੇਰੀਆਂ ਦੀ ਉਸਾਰੀ ਦੇ ਟੀਚੇ ਨੂੰ ਜਲਦ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ।
         ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਇਬ੍ਰੇਰੀਆਂ ਦੀ ਉਸਾਰੀ ਦਾ ਉਦੇਸ਼ ਵਿਦਿਆਰਥੀਆਂ 'ਚ ਸਾਹਿਤ ਪੜ੍ਹਨ ਅਤੇ ਆਮ ਗਿਆਨ ਪ੍ਰਤੀ ਦਿਲਚਸਪੀ ਪੈਦਾ ਕਰਨਾ ਹੈ। ਇਕ ਵਾਰ ਵਿਦਿਆਰਥੀਆਂ 'ਚ ਪੜ੍ਹਨ ਦੀ ਰੂਚੀ ਪੈਦਾ ਹੋ ਜਾਵੇ ਤਾਂ ਉਨ੍ਹਾਂ ਦੀ ਸ਼ਖਸੀਅਤ ਉਸਾਰੀ ਦੇ ਬਹੁਤ ਸਾਰੇ ਰਾਹ ਖੁੱਲ੍ਹ ਜਾਂਦੇ ਹਨ। ਇਨ੍ਹਾਂ ਸਕੂਲਾਂ 'ਚ ਲਾਇਬ੍ਰੇਰੀਆਂ ਦੀ ਉਸਾਰੀ ਦੇ ਟੀਚੇ ਦੀ ਪ੍ਰਾਪਤੀ ਤੋਂ ਬਾਅਦ ਲੋੜ ਅਨੁਸਾਰ ਜ਼ਿਲ੍ਹੇ ਦੇ ਹੋਰ ਸਕੂਲਾਂ ਵਿਚ ਲਾਇਬ੍ਰੇਰੀਆਂ ਦੀ ਸਥਾਪਤੀ ਕਰਵਾਈ ਜਾਵੇਗੀ।
For more news updates visit:- www.punjab24news.com

-